Followers

Sunday 25 June 2017

ਅੰਜੂ 'ਵ' ਰੱਤੀ " ਕਸਕ " ਦੀਆਂ ਨਵੀਆਂ ਕਵਿਤਾਵਾਂ

ਸੰਖੇਪ ਜਾਣਕਾਰੀ



ਅੰਜੂ 'ਵ' ਰੱਤੀ " ਕਸਕ "


ਮਾਤਾ _ ਕਰਿਸ਼ਨਾ ਕੁਮਾਰੀ
ਪਿਤਾ_ ਜਗਦੀਸ਼ ਰਾਏ ਸ਼ਰਮਾਂ
ਪਤੀ _ ਵਰਿੰਦਰ ਕੁਮਾਰ

ਜਨਮ - 3 ਸਤੰਬਰ 
ਜਨਮ ਸਥਾਨ - ਜ਼ੀਰਾ , ਜ਼ਿਲਾ ਫਿਰੋਜ਼ਪੁਰ

ਕਿਤਾ- ਹਿੰਦੀ ਅਧਿਆਪਕਾ ,

ਕੋਸ਼ਿਸ਼ਾਂ - ਲੇਖਿਕਾ ਅਤੇ ਸੰਪਾਦਕ ,

ਵਿੱਦਿਅਕ ਯੋਗਤਾ _ਐਮ ਏ (ਹਿੰਦੀ ਅਤੇ ਅੰਗ੍ਰੇਜ਼ੀ ), ਬੀ ਐਡ

ਸਾਂਝੇ ਕਾਵਿ ਸੰਗਿਹ _ਕਿਰਨਾਂ ਦਾ ਕਬੀਲਾ, ਕਿਰਨ ਕਿਰਨ ਰੌਸ਼ਨੀ , ਕਲਮਾਂ ਦਾ ਸਫਰ ।

ਸੰਪਾਦਨ _ ਧਨਕ ਹਿੰਦੀ ਕਾਵਿ
ਮੌਲਿਕ ਬਾਲ ਸਾਹਿਤ _ ਬਾਲ ਸੁਨੇਹੇ
ਸ਼ਿਖਰ ਕੀ ਔਰ ।

ਸਾਂਝਾ ਮਿੰਨੀ ਕਹਾਣੀ ਸੰਗਿਹ _ ਕਿਰਦੀ ਜਵਾਨੀ , ਪੰਜਵਾਂ ਥੰਮ।


ਦੋ ਵਾਰ ਆਕਾਸ਼ਵਾਨੀ ਰੇਡੀਓ ਅਤੇ ਰੇਡੀਓ ਆਪਣਾ ਟੋਰਾਂਟੋ ਤੇ ਵੱਖ ਵੱਖ ਪਰੋਗਰਾਮਾਂ ਵਿੱਚ ਇੰਟਰਵਿਊ 
ਇੱਕ ਵਾਰੀ ਰਾਬਤਾ ਰੇਡੀਓ ਤੇ ਇੰਟਰਵਿਊ

ਟੀ ਵੀ ਪ੍ਰੋਗਰਾਮ " ਮੁਸ਼ਾਇਰਾ " ਵਿੱਚ ਸ਼ਿਰਕਤ 

"ਪਰੀਤਲੜੀ" , "ਪਰਤੀਬਿੰਬ "    " ਪ੍ਰਤੀਮਾਨ,  ਮਿੰਨੀ " ਅਕਸ " " ਸ਼ਬਦ ਬੂੰਦ " ਸੁਆਣੀ " "ਰਚਨਾ" " ਨਿੱਕੀਆਂ ਕਰੂੰਬਲਾਂ "  ਤੋਂ ਇਲਾਵਾ  ਵੱਖ ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਸ਼ਮੂਲੀਅਤ ।
--------------------------------------------------------------

ਕਵਿਤਾਵਾਂ 


1.ਜੀਵਨ ਕਿਉਂ ਸਰਾਪ ਹੋ ਗਿਆ ...?


ਮਾਂਏ ਨੀ ਕਿਉਂ ਵੰਗਾਂ ਟੁੱਟੀਆਂ ?

ਮਾਂਏ ਨੀ ਕਿਉਂ ਸੱਧਰਾਂ ਟੁੱਟੀਆਂ ?

ਕੱਜ ਕੱਜ ਰੱਖੀਆਂ ਉਮਰਾਂ ਤੀਕਣ

ਮਾਂਏ ਨੀ ਕਿਉਂ ਪੱਤਾਂ ਲੁੱਟੀਆਂ ?


ਮਾਂਏ ਨੀ ਕੀ ਲੇਖ ਲਿਖਾਏ ?

ਮਾਂਏ ਨੀ ਕੀ ਖਾਬ ਸਜਾਏ ?

ਹੱਡ - ਮਾਸ ਦਾ ਬਣਿਆ ਸ਼ਿਕਾਰੀ

ਆਦਮ ਨੇ ਕਈ ਭੇਖ ਵਟਾਏ ।


ਮਾਂਏ ਨੀ ਕਿਉਂ ਦਿੱਤਾ ਪਿਆਰ ?

ਵੀਰਾਂ ਨੇ ਦਿੱਤਾ ਸਤਿਕਾਰ ,

ਘਰ ਦੀ ਬਣ ਕੇ ਰਹੀ ਜੋ ਲਾਡੋ ,

ਦਿੱਤਾ ਵਹਿਸ਼ੀਆਂ ਨੇ ਮਾਰ ।


ਮਾਂਏ ਨੀ ਬੜਾ ਰੋਈ ਸਾਂ ਮੈਂ ,

ਟੋਟੇ - ਟੋਟੇ ਹੋਈ ਸਾਂ ਮੈਂ ,

ਸੋਹਣੀ ਜ਼ਿੰਦਗੀ ਦੀ ਚਾਹਤ ਵਿੱਚ

ਜਿਉਂਦੇ ਜੀਅ ਜਦ ਮੋਈ ਸਾਂ ਮੈਂ ।


ਮਾਂਏ ਨੀ ਕੀ ਪਾਪ ਹੋ ਗਿਆ ,

ਸਾਹ ਲੈਣਾ ਸੰਤਾਪ ਹੋ ਗਿਆ ,

ਮੰਗ ਦੁਆਵਾਂ ਪਾਇਆ ਸੀ ਜੋ ,

ਜੀਵਨ ਕਿਉਂ ਸੰਤਾਪ ਹੋ ਗਿਆ ?

-------------------------------/-----------------------

2. ਕਾਸ਼ ! ਕੋਈ..... / ਅੰਜੂ ਵ ਰੱਤੀ 


ਦਿਲ ਦਾ ਹਾਲ ਸੁਣਾਵਣ ਬੈਠੇ ,

ਆਪਣਾ ਆਪ ਗੁਆਵਣ ਬੈਠੇ ।


ਛੱਲਾ , ਸੋਹਲੇ , ਟੱਪੇ , ਮਾਹੀਏ ,

ਕਾਸ਼ ! ਕੋਈ ਮੁੜ ਗਾਵਣ ਬੈਠੇ ।


ਤਪਦੇ ਮਾਰੂਥਲ ਜਿਹੇ ਦਿਲ ਨੂੰ ,

ਆ ਕੋਈ ਠੰਡ ਪਾਵਣ ਬੈਠੇ ।


ਰੋਂਦੇ ਬਾਲਾਂ ਵਾਂਗਰ ਜੋ ਦਿਲ ,

ਰੂੰਗਾ ਦੇ ਪਰਚਾਵਣ ਬੈਠੇ ।


ਸੱਸੀ , ਸੋਹਣੀ , ਹੀਰ ਦੇ ਵਾਂਗਰ ,

ਸੱਚੀ ਪ੍ਰੀਤ ਪੁਗਾਵਣ ਬੈਠੇ ।


ਡਿੱਗ ਕੇ ਸੰਭਲੇ ਦੇਸ਼ ਪੰਜਾਬ ਦੀ ,

ਦਮ - ਦਮ ਖੈਰ ਮਨਾਵਣ ਬੈਠੇ ।


-----------------------------/-----------------------

3. ਕਿਉਂ ਰੜਕਦਾ ਏ ? / ਅੰਜੂ ਵ ਰੱਤੀ

ਕਿਉਂ ਰੜਕਦਾ ਏ ਆਖਿਰ ਮੇਰਾ ਇਨਸਾਨ ਹੋਣਾ ?

ਨਾ ਵਾਹਿਗੁਰੂ , ਨਾ ਅੱਲਾ ,  ਭਗਵਾਨ ਹੋਣਾ ।


ਆਪਣੇ ਹੀ ਔਗੁਣਾਂ ਤੋਂ ਸਿੱਖ ਕੇ ਜਿਉਣਾ ਮੇਰਾ ,

ਗੁਣਵਾਨ ਦੁਨੀਆਂ 'ਚ ਗੁਣਵਾਨ ਹੋਣਾ ।


ਭੁੱਲ ਕੇ ਤਸੀਹੇ ਸਾਰੇ ਦਿੱਤੇ ਸੀ ਜੋ ਕਿਸੇ ਨੇ

ਹੰਝੂਆ ਨੂੰ ਪੂੰਝ ਬੁੱਲੀਂ ਮੁਸਕਾਨ ਹੋਣਾ 


ਧਰਤੀ ਦੇ ਵਾਂਗੂੰ ਸਹਿ ਕੇ ਲਾਤੜਾਂ ਵੇ ਅਨੇਕਾਂ

ਚਮਕਦੇ ਤਾਰੇ ਜੜਿਆ ਵੇ ਅਸਮਾਨ ਹੋਣਾ ।


ਡਿੱਗਦੇ ਤੇ ਢਹਿੰਦਿਆਂ ਦਾ ਦੁੱਖ ਖੁਦ ਹੀ ਖੁਦ 'ਚ ਸਹਿ ਕੇ ,

ਸਹਿਕਦੇ ਦਿਲਾਂ ਲੱਖਾਂ ਦੀ ਮਹਿਮਾਨ ਹੋਣਾ ।


ਕਿਉਂ ਰੜਕਦਾ ਏ ਆਖਿਰ ਮੇਰਾ ਇਨਸਾਨ ਹੋਣਾ ,

ਨਾ ਵਾਹਿਗੁਰੂ , ਨਾ ਅੱਲਾ ,  ਭਗਵਾਨ ਹੋਣਾ ।
--------------------------------------------------------

4. ਜੋਗੀ / ਅੰਜੂ ' ਵ ' ਰੱਤੀ

ਜੋਗੀ ਪਾ ਵਤਨਾਂ ਵੱਲ ਫੇਰੀ

ਬੈਠੀ ਹੀਰ ਉਡੀਕੇ ਤੇਰੀ

ਕਿਉਂ ਹੋ ਗਿਉਂ ਉਡਾਰ ਵੇ

ਹਾਏ ਛੱਡ ਗਿਉਂ ਤੱਤੜੀ ਨੂੰ

ਕਿਉਂ ਤੂੰ ਇੰਜ ਵਿਸਾਰ ਕੇ ।



ਤੇਰੇ ਗਲ ਫੁੱਲਾਂ ਦੀ ਮਾਲਾ

ਜੋਗੀ ਤੂੰ ਏ ਕਰਮਾਂ ਵਾਲਾ

ਤੇਰੀ ਯਾਦ 'ਚ ਬੈਠੀ ਗਾਵਾਂ

ਵੇ ਮੈਂ ਗੀਤ ਪਿਆਰ ਦੇ ।



ਤੇਰੇ ਹਾਸਿਆਂ ਦੇ ਵੱਚ ਹੱਸਾਂ

ਦੁੱਖ ਦਿਲ ਦਾ ਨਾ ਮੈਂ ਦੱਸਾਂ

ਹੁੰਦਾ ਏ ਇੰਜ ਕਿਉਂ ਦੱਸੀਂ ਵੇ

ਤੂੰ ਗੱਲ ਵਿਚਾਰ ਕੇ ।



ਤੇਰੇ ਹਿਜਰ ਦੇ ਕੰਡੇ ਚੁੱਭਦੇ

ਹਾਏ ਰੂਹ ਵਿੱਚ ਡੂੰਘੇ ਖੁੱਭਦੇ

ਕਿੰਜ ਭੁੱਲਾਂ ਵੇ ਦਿਨ ਮੋਹ

ਤੇਰੇ ਦੀ ਖਿੜੀ ਬਹਾਰ ਦੇ ।

ਹਾਏ ਛੱਡ ਗਿਉਂ ਤੱਤੜੀ ਨੂੰ

ਕਿਉਂ ਤੂੰ ਇੰਜ ਵਿਸਾਰ ਕੇ ।

---------------------------------------------------------

No comments:

Post a Comment