Followers

Friday 23 June 2017

ਹਿੰਦੀ ਕਵਿਤਾਵਾਂ / ਅਨੁਵਾਦ : ਅਮਰਜੀਤ ਕੌਂਕੇ

हिंदी कविताएं / पंजाबी अनुवाद : अमरजीत कौंके 

कवि विशेष : 
शिरीष कुमार मौर्या, बहादुर पटेल, प्रेम शंकर शुक्ल, हरशरण कौर, प्रभात त्रिपाठी, शर्मीला गोदारा, श्याम महर्षि 
 ਨਹੀਂ ਤਾਂ / ਹਰਸ਼ਰਨ ਕੌਰ


ਤੂੰ ਕਿਹਾ ਸੀ
ਕਿ ਗ਼ਮ ਦੇ
ਅਫਸਾਨੇ ਨਾ ਲਿਖਣਾ
ਨਹੀਂ ਤਾਂ
ਯਾਦਾਂ ਦੇ ਵਿਚ
ਤੈਨੂੰ ਰਵਾਉਂਦੇ
ਰਹਿਣਗੇ

ਚਿਰਾਗ
ਅੱਖਾਂ ਵਿਚ ਵੀ
ਨਾ ਜਲਾਉਣਾ
ਨਹੀਂ ਤਾਂ
ਉਡੀਕ ਦੇ ਪਲ
ਸਤਾਉਂਦੇ ਰਹਿਣਗੇ

ਆਪਣੇ ਗੁਲਸ਼ਨ ਵਿਚ
ਕਦੇ ਕੈਕਟਸ ਵੀ
ਨਾ ਉਗਾਉਣਾ
ਉਸਦੇ ਕੰਡੇ
ਜਿਸਮ ਦਾ ਖੂਨ
ਵਹਾਉਂਦੇ ਰਹਿਣਗੇ

ਭੁੱਲ ਕੇ ਵੀ ਕਦੇ
ਇੱਛਾਵਾਂ ਨੂੰ
ਵਧਣ ਨਾ ਦੇਣਾ
ਨਹੀਂ ਤਾਂ ਖਾਬ ਵੀ
ਆਹਲਣੇ
ਜਲਾਉਂਦੇ ਰਹਿਣਗੇ

ਪਰ ਤੂੰ ਹੀ ਦੱਸ
ਇਹ ਸਭ ਨਾ ਕਰਾਂ
ਤਾਂ ਕੀ ਕਰਾਂ
ਨਹੀਂ ਤਾਂ ਲੋਕ
ਸਤਾਉਂਦੇ ਰਹਿਣਗੇ.......




ਸਵਾਲ / ਬਹਾਦੁਰ ਪਟੇਲ

ਇਹਨਾਂ
ਜਵਾਰ ਦੇ
ਦਾਣਿਆਂ ਨੂੰ ਦੇਖੋ
ਕਿਸਾਨਾਂ ਦੇ ਪਸੀਨੇ ਦੀ
ਬਦਬੂ ਨਾਲ
ਬਣੇ ਨੇ ਇਹ

ਪਸੀਨਾ ਸਰੀਰ ਦੀ
ਭੱਠੀ ਵਿਚ ਤਪ ਕੇ
ਧਾਰਦਾ ਹੈ
ਇਹ ਰੂਪ
ਦਰਅਸਲ ਉਸਦੇ
ਪਸੀਨੇ ਦੀ ਹਰ ਬੂੰਦ
ਸਵਾਤੀ ਨਛੱਤਰ ਦੀ
ਹੁੰਦੀ ਹੈ
ਜੋ ਡਿੱਗਦੀ ਹੈ
ਬੀਜ ਦੀ ਸਿੱਪੀ ਵਿਚ

ਦੇਖੋ ਇਹਨਾਂ ਨੂੰ
ਉਹ ਇਕੱਲਾ ਨਹੀਂ ਖਾਂਦਾ
ਜੀਵ ਜੰਤੂ
ਤੇ ਪੰਛੀਆਂ ਨੂੰ ਦਿੰਦਾ ਹੈ
ਉਨ੍ਹਾਂ ਦਾ ਹਿੱਸਾ
ਕੁਝ ਆਪਣੇ ਪਰਿਵਾਰ ਲਈ
ਕੁਝ ਰੱਖਦਾ ਹੈ
ਬੀਜਾਂ ਦੇ ਲਈ

ਬਚਿਆ ਹੋਇਆ ਸਾਰਾ
ਸਾਨੂੰ ਮੋੜ ਦਿੰਦਾ ਹੈ
ਹੁਣ ਉਹ ਕੀ ਜਾਣੇ
ਜਮਾਂਖੋਰੀ
ਉਸਨੂੰ ਨਹੀਂ ਪਤਾ
ਸਰਕਾਰ ਦੇ ਗੋਦਾਮ ਵਿਚ
ਕਿੰਨਾ ਅਨਾਜ ਸੜ ਜਾਂਦਾ ਹੈ
ਹਰ ਸਾਲ

ਉਹ ਤਾਂ
ਇੰਨਾ ਜਾਣਦਾ ਹੈ
ਕਿ ਕਰਜ ਨਾਲ
ਦੱਬਿਆ ਜਾਏਗਾ
ਤਾਂ ਕੀ ਬਚੇਗਾ
ਇਸ ਧਰਤੀ ਦੀ
ਕੁੱਖ ਵਿਚ

ਸਾਡੀ ਭੁੱਖ
ਨਹੀਂ ਦੇਖ ਸਕਦਾ ਉਹ
ਤੇ ਉਸਦੀ ਆਖਰੀ ਹੋਣੀ
ਅਸੀਂ ਸਾਰੇ
ਜਾਣਦੇ ਹੀ ਹਾਂ

ਇਹ ਸਨਦ ਰਹੇ
ਆਉਣ ਵਾਲੀ ਪੀੜ੍ਹੀ
ਸਾਨੂੰ ਪੁੱਛੇਗੀ ਸਵਾਲ......




ਕੁਝ ਹੋਰ  / ਪ੍ਰਭਾਤ ਤ੍ਰਿਪਾਠੀ

ਬੱਦਲਾਂ ਦੇ ਵਾਂਗ
ਮੰਡਰਾਉਂਦੇ ਨੇ ਸ਼ਬਦ
ਅੰਤਸ ਦੇ ਅਕਾਸ਼ ਤੇ
ਆਓ ਅਸੀਂ ਲੁਕ ਜਾਈਏ
ਘਰ ਵਿਚ
ਬੱਚਿਆਂ ਨੂੰ
ਡਰਾਉਂਦੀ ਹੈ ਮਾਂ

ਆਉਣ ਵਾਲੀ
ਬਰਸਾਤ ਨੂੰ
ਅੰਦਾਜ਼ੇ ਨਾਲ
ਤੂਫ਼ਾਨ ਦਸਦੀ ਹੈ ਮਾਂ
ਤੂਫ਼ਾਨ ਵਿਚ
ਤਿਨਕੇ ਵਰਗਾ ਬੇਸਹਾਰਾ
ਇੱਕ ਮੁੱਦਤ ਤੋਂ
ਰਹਿ ਰਿਹਾਂ
ਇਸ ਘਰ ਵਿਚ

ਇਥੇ ਹੀ ਮੈਂ
ਜਾਣਿਆ ਪਿਆਰ
ਇਥੇ ਹੀ ਦੇਖੀ ਮੈਂ
ਨਫਰਤ
ਇਥੇ ਹੀ ਮਿਲੀ ਮੈਨੂੰ
ਆਪਣੀ ਬੇਟੀ
ਵਰਗੀ ਸਕੀ
ਇੱਕ ਅਜੀਬੋ ਗਰੀਬ ਰਾਹਤ

ਇਥੇ ਹੀ
ਪਤਾ ਲੱਗਿਆ ਮੈਨੂੰ
ਭਾਵੇਂ ਸਾਰਾ ਕੁਝ ਹੀ
ਸ਼ਬਦ ਹੈ
ਪਰ ਮੈਂ
ਉਹ ਨਹੀਂ ਲਿਖ ਰਿਹਾ
ਜੋ ਹੈ
ਜੋ ਸੀ
ਜੋ ਰਹੇਗਾ

ਮੈਂ ਕੁਝ ਹੋਰ
ਲਿਖ ਰਿਹਾ  ਹਾਂ......





ਪਾਗਲ ਹਾਥੀ / ਪ੍ਰੇਮ ਸ਼ੰਕਰ ਸ਼ੁਕਲਾ

ਬਚਪਨ ਦੇ
ਸੁਪਨਿਆਂ ਵਿਚ
ਅਕਸਰ ਇਕ ਹਾਥੀ
ਮੇਰੇ ਪਿਛੇ ਪਿਛੇ ਦੌੜਦਾ
ਤੇ ਮੈਂ ਜਾਨ ਬਚਾਉਂਦਾ
ਭੱਜਦਾ

ਹਾਥੀ ਮੇਰੇ
ਪਿਛੇ ਪਿਛੇ ਦੌੜਦਾ
ਮੈਂ ਅੱਗੇ ਅੱਗੇ ਭੱਜਦਾ
ਡਰ ਦੇ ਮਾਰੇ
ਕਦੇ ਏਧਰ
ਕਦੇ ਉਧਰ ਭੱਜਦਾ
ਆਪਣੀ ਨੀਂਦ ਤੇ ਹੀ
ਰੱਖਦੇ ਹੋਏ
ਜਲਦੀ ਜਲਦੀ
ਆਪਣੇ ਪੈਰ

ਉਦੋਂ ਤੋਂ ਉਹ
ਪਾਗਲ ਹਾਥੀ
ਮੇਰੇ ਪਿਛੇ ਪਿਛੇ
ਭੱਜ ਰਿਹਾ ਹੈ
ਤੇ ਮੈਂ ਭੱਜ ਰਿਹਾ ਹਾਂ
ਅੱਗੇ ਅੱਗੇ
ਕੁਚਲਣ ਵਾਲੇ ਪੈਰ
ਹਾਥੀ ਕੋਲ ਹੀ ਹਨ )

ਭੱਜਦੇ ਭੱਜਦੇ
ਆਪਣੀ ਉਮਰ ਵਿਚ
ਮੈਂ ਕਾਫੀ ਦੂਰ
ਨਿਕਲ ਆਇਆ ਹਾਂ
ਪਰ ਉਹ ਹਾਥੀ ਵੀ
ਦੌੜਦੇ ਦੌੜਦੇ
ਪਹੁੰਚ ਗਿਆ ਹੈ
ਹੁਣ ਬਹੁਤ ਕਰੀਬ
ਭੱਜਦੇ ਭੱਜਦੇ

ਜਿਨ੍ਹਾਂ ਗੁਫ਼ਾਵਾਂ ਵਿਚ
ਮੈਂ ਛੁਪਦਾ ਸੀ
ਬਿਲਡਰਾਂ ਨੇ
ਉਹਨਾਂ ਨੂੰ ਤੋੜ ਤੋੜ ਕੇ
ਆਪਣੀਆਂ ਹਵੇਲੀਆਂ
ਖੜੀਆਂ ਕਰ ਲਈਆਂ ਹਨ........
   

ਕਿਤਾਬਾਂ / ਸ਼ਿਰੀਸ਼ ਕੁਮਾਰ ਮੌਰੀਆ


ਸਦੀਆਂ ਤੋਂ
ਲਿਖੀਆਂ ਤੇ
ਪੜ੍ਹੀਆਂ
ਜਾ ਰਹੀਆਂ ਨੇ
ਕਿਤਾਬਾਂ

ਕਿਤਾਬਾਂ ਵਿਚ
ਆਦਮੀ ਦਾ
ਇਤਿਹਾਸ ਹੁੰਦਾ ਹੈ
ਰਾਜਾ ਰਿਆਸਤਾਂ
ਤੇ ਹਕੂਮਤਾਂ ਹੁੰਦੀਆਂ ਨੇ
ਕਿਤਾਬਾਂ ਵਿਚ
ਜੋ ਸਫ਼ਿਆਂ ਦੇ ਵਾਂਗ
ਉਲੱਦੀਆਂ ਜਾ ਸਕਦੀਆਂ ਨੇ

ਕਿਤਾਬਾਂ ਵਿਚ
ਹੁੰਦਾ ਹੈ ਵਿਗਿਆਨ
ਜੋ ਕਦੇ
ਆਦਮੀ ਦੇ
ਪੱਖ ਵਿਚ ਹੁੰਦਾ ਹੈ
ਤੇ ਕਦੇ ਟੁੱਟਦਾ ਹੈ
ਕਹਿਰ ਬਣ ਕੇ
ਉਸ ਤੇ

ਕਨੂੰਨ ਹੁੰਦਾ ਹੈ
ਕਿਤਾਬਾਂ ਵਿਚ
ਜੋ ਬਣਾਇਆ
ਤੇ ਤੋੜਿਆ
ਜਾਂਦਾ ਰਿਹਾ ਹੈ

ਕਿਤਾਬਾਂ ਵਿਚ
ਹੁੰਦੀਆਂ ਨੇ
ਦੁਨੀਆ ਭਰ ਦੀਆਂ ਗੱਲਾਂ
ਇਥੋਂ ਤੱਕ ਕਿ
ਕਿਤਾਬਾਂ ਦੇ ਬਾਰੇ ਵੀ
ਲਿਖੀਆਂ ਜਾਂਦੀਆਂ ਨੇ
ਕਿਤਾਬਾਂ

ਕੁਝ ਕਿਤਾਬਾਂ
ਨਹੀਂ ਹੁੰਦੀਆਂ
ਸਾਡੇ ਲਈ
ਦੇਵਤਾ ਵਾਸ ਕਰਦੇ ਨੇ
ਉਹਨਾਂ ਵਿਚ
ਪਵਿੱਤਰ ਕਿਤਾਬਾਂ
ਹੁੰਦੀਆਂ ਨੇ ਉਹ
ਫਰਿਸ਼ਤੇ ਜਿਹੇ
ਇਨਸਾਨਾਂ ਦੇ ਕੋਲ

ਸਾਡੀਆਂ ਕਿਤਾਬਾਂ ਵਿਚ ਤਾਂ
ਵਧਦੇ ਹੋਏ 
ਕਦਮ ਹੁੰਦੇ ਨੇ
ਉਠਦੇ ਹੋਏ
ਹੱਥ ਹੁੰਦੇ ਨੇ
ਸਾਡੀਆਂ ਕਿਤਾਬਾਂ ਵਿਚ

ਤੇ ਉਨ੍ਹਾਂ ਹੱਥਾਂ ਵਿਚ
ਹੁੰਦੀਆਂ ਨੇ ਕਿਤਾਬਾਂ.....



ਉਡੀਕ / ਸ਼ਰਮੀਲਾ ਗੋਦਾਰਾ


ਮਰਨ ਲਈ
ਹਰ ਪਲ
ਕੋਸ਼ਿਸ਼ ਕੀਤੀ
ਮੇਰੀ ਹਤਿਆ
ਨਹੀਂ ਕੀਤੀ ਗਈ

ਮੈਂ ਖੁਦ ਬੁਣਿਆ
ਫੰਦਾ
ਇਕ ਐਸਾ ਪਹਿਰ
ਇਕ ਐਸੀ ਜਗਾਹ ਚੁਣੀ
ਜਿਥੇ ਚਿੜੀ ਵੀ
ਪਰ ਨਾ ਮਾਰੇ

ਰੱਸੀ ਨੂੰ
ਪਿੱਪਲ ਦੀ
ਮੋਟੀ ਟਾਹਣੀ ਨਾਲ
ਬੰਨ੍ਹ ਕੇ
ਚੰਗੀ ਤਰਾਂ ਕਸਿਆ
ਤੇ ਫਿਰ ਲਟਕ ਗਿਆ

ਮੈਂ ਦੇਖਿਆ
ਅੱਖਾਂ ਨਰਮੇ ਦੇ ਵਿਚਲੀ
ਰੂੰ ਵਾਂਗੂੰ
ਨਿਕਲ ਆਈਆਂ ਨੇ
ਜੀਭ ਹਵਾ ਵਿਚ
ਲਟਕ ਗਈ ਹੈ
ਨਮੀ ਲੱਭ ਰਹੀ ਹੈ

ਖ਼ਬਰ ਫੈਲੀ
ਖੂਨ ਦਹਾੜਾਂ ਮਾਰ ਕੇ
ਰੋਇਆ
ਮੇਰੀ ਔਰਤ ਪਾਗਲ ਸੀ
ਸ਼ਮਸ਼ਾਨ ਹੋ ਗਈ

ਮੈਂ ਮਰਿਆ ਸੀ
ਖਬਰ
ਆਈ ਗਈ ਹੋ ਗਈ
ਮੈਂ ਉਥੇ ਹੀ ਖੜਾ ਸੀ
ਜਿਥੇ ਰੱਸੀ ਟੁੱਟੀ ਸੀ
ਇਸ ਇੰਤਜ਼ਾਰ ਵਿਚ
ਕਿ ਕੋਈ ਮੇਰਾ
ਮਰਨ ਦੇਖੇ............ 




ਪੁੱਛਣਗੇ ਇੱਕ ਦਿਨ / ਸ਼ਿਆਮ ਮਹਾਰਿਸ਼ੀ

ਇੱਕ ਦਿਨ
ਮੁਲਕ ਦੇ ਸਿਧੇ ਸਾਦੇ ਲੋਕ
ਗੈਰ ਰਾਜਨੀਤਕ
ਬੁਧੀਜੀਵੀਆਂ ਨੂੰ
ਕਰਨਗੇ ਬਹਿਸ
ਤੇ ਪੁੱਛਣਗੇ ਸਾਡੇ ਤੋਂ
ਕਿ ਕੀ ਕਰ ਰਹੇ ਸੀ ਤੁਸੀਂ
ਜਦੋਂ ਮੁਲਕ
ਹੌਲੀ ਹੌਲੀ
ਨਿਘਾਰ ਵੱਲ ਜਾ ਰਿਹਾ ਸੀ

ਮੁਲਕ ਵਿਚ
ਤੁਹਾਡੇ ਤੋਂ
ਕੋਈ ਤਾਂ ਪੁਛੇਗਾ
ਇੱਕ ਦਿਨ
ਭੀਸ਼ਮ ਦੇ ਵਾਂਗ
ਸਭ ਕੁਝ ਜਾਣਦੇ ਹੋਏ
ਤੁਸੀਂ 
ਤਿੱਖੜ ਦੁਪਹਿਰ ਵਿਚ
ਕਿਉਂ ਸੁੱਤੇ ਰਹੇ
ਲੰਬੀ ਤਾਣ ਕੇ

ਕੋਈ ਨਹੀਂ
ਕਰੇਗਾ ਵਿਸ਼ਵਾਸ
ਕਿ ਸਮਾਜ ਦੇ
ਰਾਹ ਦਸੇਰਾ ਹੁੰਦੇ ਵੀ
ਹਾਸ਼ੀਏ ਤੇ
ਲੁਕੇ ਰਹੇ ਤੁਸੀਂ......



अनुवादक : अमरजीत कौंके 




1 comment:

  1. Good to see on the heights dr. Amarjeet kaunke ji.

    ReplyDelete